35 ਤੋਂ 40 ਲੱਖ ਰੁਪਏ ਦੀ ਕੀਮਤ ਨਾਲ ਤਿਆਰ ਹੋ ਰਿਹਾ ਹੈ ਨਵੇਂ ਬਣੇ ਸਿਖਿਆ ਮੰਤਰੀ ਦਾ ਕਮਰਾ
ਇਕ ਹੀ ਇਮਾਰਤ ਵਿਚ ਦੋ ਕਮਰੇ ਸਿਖਿਆ ਮੰਤਰੀ ਦੇ ਲਈ
ਜਿਸ ਕਮਰੇ ਦੀ ਭੰਨ ਤੋੜ ਕਰ ਕੇ ਨਵਾਂ ਕਮਰਾ ਬਣ ਰਿਹਾ ਹੈ ਕੁਝ ਟਾਈਮ ਪਹਿਲਾਂ ਹੀ ਇਹ ਲੱਖਾਂ ਰੁਪਏ ਨਾਲ ਤਿਆਰ ਕੀਤਾ ਗਿਆ ਸੀ , ਯੂਨੀਅਨ ਵਲੋਂ ਸਖ਼ਤ ਵਿਰੋਧ
ਸਿੱਖਿਆ ਵਿਭਾਗ ਵਲੋਂ ਨਿੱਤ ਨਵੇਂ ਕਾਰਨਾਮੇ ਕੀਤੇ ਜਾਂਦੇ ਹਨ ਚਾਹੇ ਜਲਦੀ ਵਿਚ ਨਤੀਜਾ ਘੋਸ਼ਿਤ ਕਰਨਾ ਹੋਵੇ ,
ਜਥੇਬੰਧੀ ਦੀ ਚੋਣ ਨੂੰ ਰੋਕਣਾ ਹੋਵੇ , ਪੇਪਰਾਂ ਦੌਰਾਨ ਦੂਰ ਦਰਾਡੇ ਸੈਂਟਰ ਬਣਾਉਣੇ ਹੋਣ , ਪੰਜਾਬ ਤੋਂ ਬਾਹਰ ਤੋਂ ਲਿਆ ਕੇ ਚੇਅਰਮੈਨ ਲਗਾਉਣਾ ਹੋਵੇ , ਚੋਥੇ ਦਰਜੇ ਦੇ ਮੁਲਾਜਮਾਂ ਨੂੰ ਬਿਨਾ ਦਸੇ ਨੌਕਰੀ ਤੋਂ ਕੱਢਣਾ ਹੋਵੇ। ਤੇ ਹੁਣ ਪੰਜਾਬ ਮੰਤਰੀ ਮੰਡਲ ਵਿਚ ਨਵੇਂ ਬਣੇ ਸਿਖਿਆ ਮੰਤਰੀ ਓ ਪੀ ਸੋਨੀ ਦੇ ਲਈ ਪੰਜਾਬ ਸਕੂਲ ਸਿਖਿਆ ਬੋਰਡ ਮੋਹਾਲੀ ਵਿਖੇ 35 ਤੋਂ 40 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਕਮਰੇ ਦੀ ਉਸਾਰੀ ਦੀ ਗੱਲ ਕਿਉਂ ਨਾ ਹੋਵੇ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਰਕਾਰ ਵੱਲ ਪੁਸਤਕਾਂ ਅਤੇ ਫੀਸਾਂ ਦੇ ਬਣੇ ਲਗਭਗ 200 ਕਰੋੜ ਰੁਪਏ ਬੋਰਡ ਨੂੰ ਅਦਾ ਨਾ ਕੀਤੇ ਜਾਣ ਦੇ ਚਲਦਿਆਂ ਸਿੱਖਿਆ ਬੋਰਡ ਮਾਲੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ ਅਤੇ ਅਜੇ ਤਕ ਸੇਵਾ ਮੁਕਤ ਕਰਮਚਾਰੀਆਂ ਦੀ ਪੈਨਸ਼ਨ ਲਈ ਫੰਡ ਮੁਹੱਈਆ ਨਹੀਂ ਕਰਵਾਇਆ ਜਾ ਸਕਿਆ। ਦੂਜੇ ਪਾਸੇ ਪੰਜਾਬ ਦੇ ਸਿੱਖਿਆ ਮੰਤਰੀ ਦੇ ਲਈ ਬੋਰਡ ਚੇਅਰਮੈਨ ਦੇ ਬਿਲਕੁੱਲ ਸਾਹਮਣੇ ਇਕ ਨਵਾਂ ਕਮਰਾ ਬਣਾਉਣ ਦਾ ਲਗਭਗ 35 ਲੱਖ ਰੁਪਏ ਦਾ ਫਾਲਤੂ ਬੋਝ ਪੈ ਗਿਆ ਹੈ। ਜ਼ਿਕਰਯੋਗ ਹੈ ਕਿ ਸਿੱਖਿਆ ਮੰਤਰੀ ਦੇ ਲਈ ਬੋਰਡ ਦੀ ਹੀ ਦੂਜੀ ਇਮਾਰਤ ਵਿਚ ਸਿੱਖਿਆ ਸਕੱਤਰ ਦੇ ਦਫਤਰ ਦੇ ਬਿਲਕੁੱਲ ਨਜ਼ਦੀਕ ਪਹਿਲੋਂ ਹੀ ਇਕ ਆਲੀਸ਼ਾਨ ਕਮਰਾ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਸਕੂਲਾਂ ਦੀਆਂ ਫੀਸਾਂ ਨਿਯੰਤਰਣ ਕਰਨ ਸਬੰਧੀ ਬਣਾਈ ਗਈ ਕਮੇਟੀ ਦੇ ਮੁੱਖੀ ਇਕ ਸੇਵਾ ਮੁਕਤ ਜੱਜ ਵਾਲਾ ਕਮਰਾ ਵੀ ਬਹੁਤ ਵਧੀਆ ਹਾਲਤ ਵਿਚ ਮੌਜੂਦ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਆਰਥਿਕ ਮੰਦਹਾਲੀ ਵਿਚ ਡੁੱਬੇ ਸਿੱਖਿਆ ਬੋਰਡ ਲਈ ਇਹ ਨਵਾਂ ਕਮਰਾ ਬਣਾਉਣ ਦਾ ਬੇਲੋੜਾ ਖਰਚਾ ਇਕ ਵੱਡਾ ਬੋਝ ਹੈ ਪਰ ਫਿਰ ਵੀ ਸਿੱਖਿਆ ਬੋਰਡ ਦੇ ਉਚ ਅਧਿਕਾਰੀਆਂ ਵਲੋਂ ਕੋਈ ਵਿਰੋਧ ਨਹੀਂ ਕੀਤਾ ਜਾ ਰਿਹਾ ਅਤੇ ਨਾ ਕਰਮਚਾਰੀ ਐਸੋਸੀਏਸ਼ਨ ਹੀ ਇਸ ਵਿਰੁੱਧ ਮੂੰਹ ਖੋਲ ਰਹੀ ਹੈ।
ਬੋਰਡ ਦੇ ਕਮਰਚਾਰੀ ਤੇ ਅਧਿਕਾਰੀ ਅੰਦਰ ਖਾਤੇ ਇਸ ਗੱਲ ਨੂੰ ਲੈ ਕੇ ਕਾਫੀ ਖਫਾ ਹਨ ਪਰ ਸਿੱਖਿਆ ਮੰਤਰੀ ਦੇ ਡਰ ਤੋਂ ਕੋਈ ਵੀ ਖੁੱਲ ਕੇ ਨਹੀਂ ਬੋਲ ਰਿਹਾ। ਦਿਲਚਸਪ ਗੱਲ ਇਹ ਵੀ ਹੈ ਕਿ ਸਿੱਖਿਆ ਮੰਤਰੀ ਲਈ ਪੰਜਾਬ ਸਿਵਲ ਸਕੱਤਰੇਤ ਵਿਚ ਵੀ ਇਕ ਸੁਸੱਜਿਤ ਕਮਰਾ ਮੌਜੂਦ ਹੈ। ਸਿੱਖਿਆ ਮੰਤਰੀ ਨੇ ਤਾਂ ਸਕੱਤਰੇਤ ਵਿਚ ਬੈਠ ਕੇ ਹੀ ਆਪਣਾ ਕੰਮਕਾਜ ਚਲਾਉਣਾ ਹੁੰਦਾ ਹੈ ਜਾਂ ਫਿਰ ਸਿੱਖਿਆ ਵਿਭਾਗ ਦੇ ਦਫਤਰਾਂ ਵਿਚ ਬੈਠ ਕੇ ਉਹ ਆਪਣਾ ਕੰਮਕਾਜ ਦੇਖ ਸਕਦੇ ਹਨ। ਇਨ੍ਹਾਂ ਦੋਵਾਂ ਥਾਵਾਂ ਤੇ ਪਹਿਲੋਂ ਹੀ ਸਿੱਖਿਆ ਮੰਤਰੀ ਲਈ ਕਮਰੇ ਮੌਜੂਦ ਹਨ ਤੇ ਹੁਣ ਅਚਾਨਕ ਹੀ ਆਰਥਿਕ ਮੰਦਹਾਲੀ ਨਾਲ ਜੂਝ ਰਹੇ ਬੋਰਡ ਦੇ ਸਿਰ ਲੱਖਾਂ ਰੁਪਏ ਦਾ ਹੋਰ ਬੋਝ ਪਾ ਦਿੱਤਾ ਗਿਆ ਹੈ। ਇਹ ਮੰਗ ਹੈ ਵੀ ਬਿਲਕੁੱਲ ਬੇਲੋੜੀ।
ਅਸਲ ਵਿਚ ਜਦੋਂ ਸਿੱਖਿਆ ਮੰਤਰੀ ਓ. ਪੀ. ਸੋਨੀ ਸਿੱਖਿਆ ਬੋਰਡ ਵਿਚ ਪਹਿਲੀ ਵਾਰ ਆਏ ਸਨ ਤਾਂ ਉਨ੍ਹਾਂ ਨੇ ਇੱਛਾ ਜਾਹਿਰ ਕੀਤੀ ਸੀ ਕਿ ਜੇਕਰ ਉਨ੍ਹਾਂ ਨੂੰ ਬੋਰਡ ਵਿਚ ਹੀ ਇਕ ਕਮਰਾ ਦਫਤਰ ਲਈ ਮਿਲ ਜਾਵੇ ਤਾਂ ਉਹ ਆਸਾਨੀ ਨਾਲ ਸਿੱਖਿਆ ਗਤੀਵਿਧੀਆਂ ਤੇ ਨਜ਼ਰ ਰੱਖ ਸਕਣਗੇ। ਬੋਰਡ ਉਚ ਅਧਿਕਾਰੀਆਂ ਨੇ ਸਿੱਖਿਆ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਉਨ੍ਹਾਂ ਲਈ ਇਕ ਵਿਸ਼ੇਸ਼ ਕਮਰਾ ਪਹਿਲੋਂ ਹੀ ਸਿੱਖਿਆ ਬੋਰਡ ਦੀ ਦੂਸਰੀ ਇਮਾਰਤ ਵਿਚ ਮੌਜੂਦ ਹੈ। ਜੇਕਰ ਉਹ ਚਾਹੁੰਦੇ ਹਨ ਤਾਂ ਫੀਸ ਨਿਰਧਾਰਨ ਕਮੇਟੀ ਦੇ ਚੇਅਰਮੈਨ ਵਾਲਾ ਇਕ ਹੋਰ ਵਿਸ਼ੇਸ਼ ਕਮਰਾ ਵੀ ਖਾਲੀ ਹੀ ਪਿਆ ਹੈ। ਸਿੱਖਿਆ ਮੰਤਰੀ ਇਸ ਗੱਲ ਤੇ ਸੰਤੁਸ਼ਟ ਵੀ ਹੋ ਗਏ ਸਨ ਪਰ ਬੋਰਡ ਦੇ ਹੀ ਇਕ ਹੋਰ ਅਧਿਕਾਰੀ ਨੇ ਆਪਣੇ ਨੰਬਰ ਬਣਾਉਣ ਦੀ ਖਾਤਰ ਬੋਰਡ ਦੇ ਚੇਅਰਮੈਨ ਦੀਆਂ ਮੀਟਿੰਗਾਂ ਲਈ ਹਾਲ ਹੀ ਵਿਚ ਲੱਖਾਂ ਰੁਪਏ ਲਗਾ ਕੇ ਤਿਆਰ ਕਰਵਾਇਆ ਗਿਆ ਹਾਲ ਸਿੱਖਿਆ ਮੰਤਰੀ ਨੂੰ ਵਿਖਾਇਆ। ਉਸ ਅਧਿਕਾਰੀ ਨੇ ਕਿਹਾ ਕਿ ਇਸ ਥਾਂ ਤੇ ਉਨ੍ਹਾਂ ਲਈ ਵਧੀਆ ਕਮਰਾ ਬਣ ਸਕਦਾ ਹੈ। ਇਹ ਗੱਲ ਸਿੱਖਿਆ ਮੰਤਰੀ ਜੱਚ ਗਈ ਉਨ੍ਹਾਂ ਤੁਰੰਤ ਉਥੇ ਹੀ ਕਮਰਾ ਬਣਾਉਣ ਦੇ ਹੁਕਮ ਜਾਰੀ ਕਰ ਦਿੱਤੇ। ਬੋਰਡ ਦੇ ਕਰਮਚਾਰੀ ਤੇ ਬਾਕੀ ਅਧਿਕਾਰੀ ਵੀ ਇਸ ਅਧਿਕਾਰੀ ਤੇ ਦੰਦ ਕਰੀਚ ਰਹੇ ਹਨ ਪਰ ਤੀਰ ਤਾਂ ਹੱਥੋਂ ਛੁੱਟ ਚੁੱਕਾ ਹੈ ਇਸ ਲਈ ਬੋਰਡ ਲਈ ਇੰਨਾ ਵੱਡਾ ਖਰਚਾ ਬਿਨਾਂ ਜ਼ਰੂਰਤ ਤੋਂ ਝੱਲਣਾ ਕਾਫੀ ਔਖਾ ਜਾਪ ਰਿਹਾ ਹੈ।
ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਕਾਰ ਦੇ ਗਠਨ ਵਾਲੇ ਦਿਨ ਤੋਂ ਹੀ ਸਾਦਗੀ ਅਪਨਾਉਣ ਅਤੇ ਵੀ. ਆਈ. ਪੀ ਪੁਣਾ ਤਿਆਗਣ ਦੀ ਗੱਲ ਕਰਦੇ ਆਏ ਹਨ। ਭਾਵੇਂ ਲਾਲ ਬੱਤੀ ਕਲਚਰ ਖਤਮ ਹੋ ਗਿਆ ਹੈ ਪਰ ਮੰਤਰੀ ਅਤੇ ਉਨ੍ਹਾਂ ਦੇ ਨਾਲ ਚੱਲਣ ਵਾਲੀਆਂ ਗੱਡੀਆਂ ਵਿਚ ਹੁਟਰ ਉਸੇ ਤਰ੍ਹਾਂ ਵਜ ਰਹੇ ਹਨ ਅਤੇ ਪਹਿਲਾਂ ਤੋਂ ਹੀ ਦੋ-ਦੋ ਕਮਰਿਆਂ ਦੇ ਹੁੰਦਿਆਂ ਫੋਕੀ ਟੋਹਰ ਦੇ ਲਈ ਇਕ ਕੈਬਨਿਟ ਮੰਤਰੀ ਲਈ ਆਰਥਿਕ ਮੰਦਹਾਲੀ ਨਾਲ ਜੂਝ ਰਹੇ ਸਿੱਖਿਆ ਬੋਰਡ ਵਿਚ ਤੀਜਾ ਹੋਰ ਕਮਰਾ ਬਣਾਇਆ ਜਾ ਰਿਹਾ ਹੈ। ਕੀ ਮੁੱਖ ਮੰਤਰੀ ਇਸ ਫਜੂਲ ਖਰਚੀ ਵੱਲ ਵੀ ਧਿਆਨ ਦੇਣਗੇ।
ਜਥੇਬੰਦੀ ਵੱਲੋਂ ਪ੍ਰੈਸ ਨੋਟ ਜਾਰੀ ਕੀਤਾ ਗਿਆ| ਜਿਸ ਵਿੱਚ ਪ੍ਰਧਾਨ- ਸੁਖਚੈਨ ਸਿੰਘ ਸੈਣੀ ਅਤੇ ਜਨਰਲ ਸਕੱਤਰ- ਪਰਵਿੰਦਰ ਸਿੰਘ ਖੰਗੂੜਾ ਵੱਲੋਂ ਦੱਸਿਆ ਗਿਆ ਕਿ ਜੋ ਬੋਰਡ ਦੀ ਬਿਲਡਿੰਗ ਵਿੱਚ ਸਿੱਖਿਆ ਮੰਤਰੀ ਜੀ ਦਾ ਦਫ਼ਤਰ ਬਣਾਇਆ ਜਾ ਰਿਹਾ ਹੈ, ਉਹ ਬਿਲਕੁੱਲ ਗਲਤ ਹੈ ਕਿਉਕਿ ਇਸ ਉਪਰ ਲਗਭਗ 35 ਲੱਖ ਦਾ ਖਰਚਾ ਆਵੇਗਾ ਬੋਰਡ ਦੀ ਵਿੱਤੀ ਹਾਲਤ ਪਹਿਲਾ ਹੀ ਬਹੁਤ ਮਾੜੀ ਹੈ| ਮੁਲਾਜਮਾਂ ਨੂੰ ਤਨਖਾਹ ਅਤੇ ਪੈਨਸ਼ਨਾਂ ਦੇਣੀਆਂ ਵੀ ਮੁਸ਼ਕਿਲ ਹੋ ਰਹੀਆਂ ਹਨ ਕਿਉਕਿ ਸਰਕਾਰ ਵੱਲ ਪਿਛਲੇ ਕਈ ਸਾਲਾਂ ਦਾ ਭਲਾਈ ਵਿਭਾਗ ਨੂੰ ਦਿੱਤੀਆਂ ਕਿਤਾਬਾ, ਬੱਚਿਆਂ ਦੀਆਂ ਫੀਸਾਂ, ਸਰਵ-ਸਿੱਖਿਆ ਵਿਭਾਗ ਵੱਲ ਕਿਤਾਬਾ ਦਾ ਬਕਾਇਆ ਅਤੇ ਸਿੱਖਿਆ ਵਿਭਾਗ ਨੂੰ ਕਿਰਾਏ ਤੇ ਦਿੱਤੀ ਬਿਲਡਿੰਗ ਦੇ ਕਿਰਾਏ ਦਾ ਬਕਾਇਆ ਜੋ ਸਰਕਾਰ ਵੱਲ ਲਗਭਗ 3 ਅਰਬ ਰੁਪਏ ਬਣਦਾ ਹੈ, ਉਹ ਪੰਜਾਬ ਸਰਕਾਰ ਵੱਲੋਂ ਬੋਰਡ ਨੂੰ ਨਹੀ ਦਿੱਤਾ ਜਾ ਰਿਹਾ| ਇਸ ਤੋਂ ਇਲਾਵਾ ਪਿਛਲੇ ਸਾਲ ਖੇਤਰੀ ਦਫ਼ਤਰਾਂ ਨੂੰ ਬੰਦ ਕਰਨ ਨਾਲ ਬੋਰਡ ਨੂੰ ਕਰੋੜਾ ਰੁਪਏ ਦਾ ਘਾਟਾ ਪਿਆ ਹੈ| ਇਨ੍ਹਾਂ ਹਲਾਤਾ ਵਿੱਚ ਲੱਖਾ ਰੁਪਏ ਖਰਚ ਕਰਕੇ ਸਿੱਖਿਆ ਮੰਤਰੀ ਦਾ ਨਵਾ ਦਫ਼ਤਰ ਬਣਾਉਣਾ ਠੀਕ ਨਹੀ ਹੈ| ਪਹਿਲੀ ਮੰਜਿਲ ਨੂੰ ਏ.ਸੀ ਕਰਨ ਲਈ ਲੱਖਾ ਰੁਪਏ ਖਰਚ ਕੀਤਾ ਕਿਤਾ ਗਿਆ ਸੀ, ਲਗਭਗ ਤਿੰਨ ਸਾਲ ਦੇ ਸਮੇਂ ਵਿੱਚ ਇਸ ਨੂੰ ਮੁਕੰਮਲ ਕੀਤਾ ਗਿਆ ਸੀ ਹੁਣ ਇਸ ਦੀ ਫਿਰ ਭੰਨਤੋੜ ਕਰਕੇ ਸਿੱਖਿਆ ਮੰਤਰੀ ਲਈ ਇੱਕ ਹੋਰ ਦਫ਼ਤਰ ਬਣਾਇਆ ਜਾ ਰਿਹਾ ਹੈ, ਜਥੇਬੰਦੀ ਇਸਦਾ ਵਿਰੋਧ ਕਰਦੀ ਹੈ| ਬੋਰਡ ਕੈਂਪਸ ਵਿੱਚ ਸਿੱਖਿਆ ਮੰਤਰੀ ਜੀ ਦਾ ਦਫ਼ਤਰ ਪਹਿਲਾ ਹੀ ਬਣਿਆਂ ਹੋਇਆ ਹੈ| ਜਿਸ ਵਿੱਚ ਸਮੇਂ-ਸਮੇਂ ਤੇ ਬਣੇ ਸਿੱਖਿਆ ਮੰਤਰੀ ਬੈਠਦੇ ਆ ਰਹੇ ਹਨ| ਉਸ ਦਫ਼ਤਰ ਦੇ ਨਾਲ ਹੀ ਡੀ.ਜੀ.ਐਸ.ਈ ਅਤੇ ਸਿੱਖਿਆ ਸਕੱਤਰ ਦਾ ਦਫ਼ਤਰ ਵੀ ਬਣਇਆ ਹੋਇਆ ਹੈ| ਜੇਕਰ ਤੁਰੰਤ ਇਸ ਕਾਰਜ ਨੂੰ ਨਾ ਰੋਕਿਆ ਗਿਆ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ|
ਜੋ ਪਿਛਲੇ ਦਿਨਾ ਵਿੱਚ ਬੋਰਡ ਮੈਨੇਜਮੈਂਟ ਵੱਲੋਂ ਨਸ਼ਿਆ ਸਬੰਧੀ ਇੱਕ ਨੋਟਿਸ ਜਾਰੀ ਕੀਤਾ ਹੈ ਜਥੇਬੰਦੀ ਵੱਲੋ ਇਸ ਸਬੰਧੀ ਗੰਭੀਰ ਨੋਟਿਸ ਲਿਆ ਹੈ ਕਿਉਕਿ ਇਸ ਤਰਾਂ ਦੇ ਨੋਟਿਸ ਜਾਰੀ ਕਰਨ ਨਾਲ ਖੇਤਰ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਦਨਾਮੀ ਹੋਈ ਹੈ| ਜਥੇਬੰਦੀ ਨਸ਼ਿਆ ਦੇ ਬਿਲਕੁੱਲ ਖਿਲਾਫ ਹੈ| ਜੋ ਬੋਰਡ ਮੁਲਾਜਮ ਡਿਊਟੀ ਸਮੇਂ ਸ਼ਰਾਬ ਆਦਿ ਦਾ ਨਸ਼ਾ ਕਰਦੇ ਹਨ ਉਹ ਬਿਲਕੁੱਲ ਗਲਤ ਹੈ| ਬੋਰਡ ਮੈਨੇਜਮੈਂਟ ਵੱਲੋਂ ਜੇਕਰ ਅਜਿਹੇ ਮੁਲਾਜਮਾਂ ਦੀ ਪਹਿਚਾਣ ਕਰਨੀ ਸੀ ਤਾ ਗੁਪਤ ਤੌਰ ਤੇ ਕਰ ਲਈ ਜਾਂਦੀ, ਇਸ ਤਰਾਂ ਸਰਕੂਲਰ ਕਰਨ ਨਾਲ ਜਿਥੇ ਖੇਤਰ ਵਿੱਚ ਬੋਰਡ ਦੀ ਬਦਨਾਮੀ ਹੋ ਰਹੀ ਉਥੇ ਵੱਡੀ ਗਿਣਤੀ ਵਿੱਚ ਬੋਰਡ ਮੁਲਾਜਮਾਂ ਦੇ ਮਨਾਂ ਨੂੰ ਵੀ ਠੇਸ ਪਹੁੰਚੀ ਹੈ|